ਕਾਨੇ ਦੀ ਤਕਦੀਰ … ਪੰਜਾਬੀ ਕਵਿਤਾ

ਕਾਨੇ ਦੀ ਤਕਦੀਰ ” ਪੰਜਾਬੀ ਕਵਿਤਾ ”

ਸ਼ੁਭਕਿਰਨ

ਕਾਨੇ ਨੂੰ ਜਦ ਟਹਿਣੀ ਲੱਗੀ
ਲੋਕਾਂ ਲੱਖਾਂ ਤਾਹਨੇ ਮਾਰੇ,
ਇਹਨੇ ਕੀ ਕਰ ਲੈਣਾ ਵਧ ਕੇ
ਧਰਤੀ ਉਪੱਰ ਪਾਏ ਖਿਲਾਰੇ,
ਨਾ ਕੁਨਬਾ , ਨਾ ਹੁਸਨ ਤੇ ਰੁਤਬਾ,
ਨਾ ਜੱਚਦੀ ਨਾ ਮਿਲਦੀ ਰਲਦੀ,
ਪੱਤਾ, ਫਲ , ਫੁੱਲ, ਮਹਿਕ ਵਿਹੂਣੀ,
ਬਸ ਚੁੱਲਿਆਂ ਦੇ ਵਿੱਚ ਬਲਦੀ,
ਟਹਿਣੀ ਹੱਸੀ , ਚਹਿਕੀ ,ਬੋਲੀ,
ਜਦ ਗਈ ਮੈਂ ਛਾਂਗੀ ,ਛਿੱਲੀ,
ਜਦ ਮੇਰੀ ਨਬਜ਼ ਘਾੜੇ ਨੇ ਟੋਲੀ,
ਫੇਰ ਕੌਣ ਉਡਾਵੇ ਖਿੱਲੀ,
ਨਾਲ ਸਿਆਹੀ ਲੁੱਡੀਆਂ ਪਾਵਾਂ,
ਬਣ ਕਲਮ ਮੈਂ ਨਿੱਖਰਾਂ ਸੱਜਾਂ,
ਸੂਰਜ ਚਾਨਣ ਮੱਠਾ ਪੈ ਜਾਵੇ
ਕਾਗਜ਼ ਦੇ ਨਾਲ ਬਾਹਲ਼ੀ ਫੱਬਾਂ,
ਜੇ ਮੈਂ ਆਵਾਂ ਹੱਥ ਬੁੱਲੇ ਦੇ,
ਰੂਹਾਂ ਨੂੰ ਵੀ ਰੰਗ ਵਿੱਚ ਰੰਗਾਂ,
ਜੇ ਹੱਥ ਆਵਾਂ ਮੁਨਸਫ ਵੱਡੇ,
ਮਿੰਟਾਂ ਦੇ ਵਿੱਚ ਸੂਲੀ ਟੰਗਾਂ,
ਖੇਡ ਨਹੀਂ ਇਹ ਜਨਮ ਰੂਪ ਦੀ,
ਖੇਡ ਕੰਮ , ਕਰਮ, ਤਦਬੀਰਾਂ,
ਤਿੱਖੇ ਜਿੰਨਾ੍ਂ ਸੂਲ ਹੰਢਾਏ,
ਉਹਨਾਂ ਕਰਮਾਂ ਸੰਗ ਤਕਦੀਰਾਂ…
Gurmukhi Punjabi poetry

Leave a Comment