تحریر: ہردیو چوہان ਹਰਦੇਵ ਚੌਹਾਨ
بلی ماسی دبے پیریں آؤندی۔ گھرو گھری جاندی۔ کمرے، رسوئیاں وچ وڑن دا رستہ لبھدی۔ دروازے کھڑکیاں بند ویکھدی تاں اداس ہو جاندی۔ کسے رسوئی دی بند کھڑکی چوں کڑھے دُدھ دی خوش بو نال من پرچا لیندی تے اگلے گھر تُر جاندی۔
تُری جاندی بلی سوچدی، سچی لوکی بڑے بدل گئے نیں…گھراں نُوں گُھرنے بنا بیٹھے…تے گُھرنیاں وچ وی ہوا دا لانگھا نہیں چھڈیا…بھلے ویلے سن جدوں سوانیاں ساڈے وڈ وڈیریاں نُوں کسوریاں وچ سُچا دُدھ پواؤندیاں…کچے گھراں وچ ساڈا ودھیرے آدر مان ہُندا…ویکھدیاں، ویکھدیاں ویلے وی بدل گئے…دس گھراں دا پینڈا مارن توں بعد قسمت نال گیارویں گھروں کجھ کھان پین نُوں نصیب ہُندا…پتا نہیں کہڑے گرہیاں دے واسیاں توں بچن لئی لوکی اپنے کنکریٹ دے گھراں دوالے اُچیاں اُچیاں دیواراں کر کے کنڈیالیاں تاراں لاؤن لگ پئے نیں۔
اِک گھر دی رسوئی چوں دُدھ دی خوش بو سُنگھ بلی ماسی تھائیں رُک گئی۔ وڈ وڈیریاں دیاں باتاں، لوکاں دے کچے پکے مکان، سبھ پچھے ریہہ گیا۔ ڈِھڈ وچ صرف تے صرف دُدھ دی بُھکھ لئی بلی ماسی نے ہنبھلا ماریا تے گھر دی چار دیواری پَٹ اندر چلی گئی۔
قسمت چنگی، رسوئی دی کھڑکی کھلی سی۔ اوہ رواں رویں رسوئی وچ وڑ گئی۔ رسوئی دی شیلف تے سٹیل دا پتیلا پیا ہویا سی۔ بھرے دُدھ والے پتیلے تے جالی دار ڈھکن رکھیا ہویا سی۔ بلی نے ہولی جیہے ڈھکن نُوں ہیٹھاں سرکا دِتا۔
”ٹنک…ٹنک…پھنک…پھنک…” جیہی آواز بلی دے کَنیں پئی۔ اُس نے رسوئی چوں دُور ہال کمرے تک نظر دوڑائی۔ گھر وچ نہ کوئی بندہ سی، نہ کسے بندے دی ذات…من دا وہم جان بلی نے اپنے پنجے دی لَپ بنا پتیلے وچ پا دِتی تے ملائی کھان لئی آپنا مونہہ سوارن لگ پئی۔
پر ایہہ کیہ؟ سڑدی بلدی ملائی نال بلی دا پنجہ لُوسیا گیا۔ بُھکھ تاں ڈِھڈ وچ پہلاں ہی گھیرا پا رہی سی تے اُتوں پنجے دے ساڑ نے وکھری بِپتا پا دتی۔ بے چاری دُدھ والے ساڑ نال ”سی…سی…ہائے…ہائے“ کردی کردی اِدھر اُدھر جھانکن لگی۔
”ٹنک…ٹنک“ جیہی آواز فیر بلی دے کَنیں پئی۔ اوہ سُچیت ہو پتیلے نُوں گُھورن لگ پئی۔ پتیلا ہی سی جیہڑا بلی دی مُورتھا تے ہس رہیا سی۔
بھری پیتی بلی پتیلے نُوں پُچھن لگی:
”کوئی مصیبت وچ گھریا ہووے تے کسے دا ہسنا بھلا چنگی گل ہُندی؟“
”ہسن ہساؤن دی چھڈ، پہلاں نُکرے لگی تِپ تِپ چوندی ٹُوٹی دے پانی نال آپنے پنجے دا ساڑ ٹھنڈا کر۔“بلی نُوں ویکھدا مسکراؤندا ہویا پتیلا بولیا۔
پتیلے نے سیانی گل کیتی۔ اُس دی من بلی ماسی شیلف دی نُکر ول تُر پئی۔
کپ پلیٹاں والی ٹوکری دے لاگے سِنکے وچ ٹوٹی لگی ہوئی سی۔ اُس نے مڑوں مڑوں کردا آپنا پنجہ ٹوٹی وچوں ٹپکدے پانی ہیٹھ کر دتا۔ پانی دیاں بونداں نال پنجے دی سڑن کجھ گھٹ گئی۔ ہُن اوہ بِٹر بِٹر پتیلے ول جھانکن لگی۔ اُس نُوں سمجھ نہیں سی آ رہی کہ ہُن کرے تاں کیہ کرے!
پتیلا وی بلی ماسی دے من دی گل بھانپ گیا۔ ہسدا ہویا کہن لگا:
”بلی ماسی! جا سِنک وچوں ساڈے ببلو سِپر پھڑ لیا…میں دسداں تینوں دُدھ پین دا اصلی طریقہ۔“
سِپر دا ناں سُن کے بلی ہسن لگ پئی۔ ہسدی ہوئی کہن لگی:
”بُدھو رام جی!گھر گھر دے پھیرے تورے نے مینوں بہت کجھ سکھایا اے…بال بلونگڑیاں والی میں ہُن ایڈی نیانی وی نہیں کہ چھوٹے بچیاں دے سِپر نال دُدھ پیواں۔“
”سیانی ماسی! جے کر ایہہ گل اے تاں فیر دو کپ پھڑ لیا۔“ پتیلے نے کہیا۔
آگیاکاری بلی نُوں پتیلے دی صلاح جچ گئی۔ اُس نے کیہ کیتا، سِنک کول گئی تے لاگلی شیلف توں دو رنگ برنگے کپ پھڑ مُڑ پتیلے کول آن کھلوتی۔ سیانڑپ وکھاؤندی نے فٹافٹ کجھ دسن پُچھن توں پہلاں اِک کپ نال پتیلے چوں دُدھ کڈھیا تے دوجے کپ وچ پا پھیٹنا شروع کر دتا۔ سِپ سِپ ٹھنڈا دُدھ پیندی اوہ مسکراندی ہوئی بولی:
”راجے!مینوں ایڈی مُورکھ وی نہ سمجھیں۔“
بلی دی سُن پتیلا مسکرا پیا، پَر بولیا کجھ نہ۔ بلی نے پتیلے دے اِرد گرد پئیاں دُدھ دیاں بُونداں چٹم کیتیاں تے رسوئی دی کھلی ہوئی کھڑکی کول جا کھلوتی۔ اوہ باہر کُدن ہی لگی سی کہ پتیلے دے بول مُڑ اُس دے کَنیں پئے۔ پتیلا کہہ رہیا سی:
”کسے دا کھا پی کے سانوں ناشکرے نہیں ہونا چاہی دا۔ سن، سیانی بن تے دیوار تے لٹکدی نوٹ بک وچ گھر دے مالکاں لئی کجھ دھنوادی شبد لکھ جا۔“
دُدھ پی کے رجی پُجی بلی نُوں پتیلے دی ایہہ صلاح وی جچ گئی۔ دو اکھر جھریٹن وچ کوئی ہرج وی نہیں سی۔ اوہ بھوندے پیریں واپس پتیلے کول آ گئی۔ پتیلا، جس دے پچھے دیوار تے چھوٹی جہی کاپی پینسل ٹنگی ہوئی سی۔
بڑی سیانڑپ نال پینسل پھڑ بلی ماسی نے نوٹ بک وچ لکھیا:
”پیارے پتیلا جی! کسے مُورکھتا تے ہسن دی تھاں آپنے گرم سرد دُدھ دی جانکاری وی سرہانے ول ٹنگی نوٹ بک وچ لکھ دیا کرو… جے کر تسیں اجہیا کرو گے تاں بِھوکھ وچ کوئی بندہ میرے ورگی غلطی نہیں دہرائے گا۔“
بلی ماسی سنیہا لکھ کے ویہلی ہوئی سی کہ باہرلا دروازہ کھلن دی آواز اُس دے کَنیں پے گئی۔ اِس توں پہلاں کہ اوہ گھر دے مالکاں دی نظر چڑھدی، فٹافٹ اس نے پتیلے نُوں بائے بائے کیتی تے رسوئی دی کھڑی چوں باہر کُد گئی۔
ਬਿੱਲੀ ਮਾਸੀ (ਹਰਦੇਵ ਚੌਹਾਨ)
ਬਿੱਲੀ ਮਾਸੀ ਦੱਬੇ ਪੈਰੀਂ ਆਉਂਦੀ। ਘਰੋ-ਘਰੀ ਜਾਂਦੀ। ਕਮਰੇ, ਰਸੋਈਆਂ ‘ਚ ਵੜਨ ਦਾ ਰਸਤਾ ਲੱਭਦੀ। ਦਰਵਾਜੇ, ਖਿੜਕੀਆਂ ਬੰਦ ਵੇਖਦੀ ਤਾਂ ਉਦਾਸ ਹੋ ਜਾਂਦੀ। ਕਿਸੇ ਰਸੋਈ ਦੀ ਬੰਦ ਖਿੜਕੀ ‘ਚੋਂ ਕੜ੍ਹੇ ਦੁੱਧ ਦੀ ਖੁਸ਼ਬੂ ਨਾਲ ਮਨ ਪਰਚਾ ਲੈਂਦੀ ਤੇ ਅਗਲੇ ਘਰ ਤੁਰ ਜਾਂਦੀ।
ਤੁਰੀ ਜਾਂਦੀ ਬਿੱਲੀ ਸੋਚਦੀ, ‘ਸੱਚੀ ! ਲੋਕੀ ਬੜੇ ਬਦਲ ਗਏ ਨੇ … ਘਰਾਂ ਨੂੰ ਘੁਰਨੇ ਬਣਾ ਬੈਠੇ … ਤੇ ਘੁਰਨਿਆਂ ‘ਚ ਵੀ ਹਵਾ ਦਾ ਲਾਂਘਾ ਨਹੀਂ ਛੱਡਿਆ … ਭਲੇ ਵੇਲੇ ਸਨ ਜਦੋਂ ਸੁਆਣੀਆਂ ਸਾਡੇ ਵੱਡ-ਵਡੇਰਿਆਂ ਨੂੰ ਕਸੋਰਿਆਂ ‘ਚ ਸੁੱਚਾ ਦੁੱਧ ਪਿਆਉਂਦੀਆਂ … ਕੱਚੇ ਘਰਾਂ ‘ਚ ਸਾਡਾ ਵਧੇਰੇ ਆਦਰ-ਮਾਣ ਹੁੰਦਾ … ਵੇਖਦਿਆਂ, ਵੇਖਦਿਆਂ ਵੇਲੇ ਵੀ ਬਦਲ ਗਏ … ਦਸ ਘਰਾਂ ਦਾ ਪੈਂਡਾ ਮਾਰਨ ਤੋਂ ਬਾਅਦ ਕਿਸਮਤ ਨਾਲ ਗਿਆਰਵੇਂ ਘਰੋਂ ਕੁਝ ਖਾਣ-ਪੀਣ ਨੂੰ ਨਸੀਬ ਹੁੰਦਾ … ਪਤਾ ਨਹੀਂ, ਕਿਹੜੇ ਗ੍ਰਹਿਆਂ ਦੇ ਵਾਸੀਆਂ ਤੋਂ ਬਚਣ ਲਈ ਲੋਕੀਂ ਆਪਣੇ ਕੰਕਰੀਟ ਦੇ ਘਰਾਂ ਦੁਆਲੇ ਉੱਚੀਆਂ, ਉੱਚੀਆਂ ਦੀਵਾਰਾਂ ਕਰ ਕੇ ਕੰਡਿਆਲੀਆਂ ਤਾਰਾਂ ਲਾਉਣ ਲੱਗ ਪਏ ਨੇ …
ਇੱਕ ਘਰ ਦੀ ਰਸੋਈ ‘ਚੋਂ ਦੁੱਧ ਦੀ ਖੁਸ਼ਬੂ ਸੁੰਘ ਬਿੱਲੀ ਮਾਸੀ ਥਾਂਏਂ ਰੁਕ ਗਈ। ਵੱਡ-ਵਡੇਰਿਆਂ ਦੀਆਂ ਬਾਤਾਂ … ਲੋਕਾਂ ਦੇ ਕੱਚੇ-ਪੱਕੇ ਮਕਾਨ … ਸਭ ਪਿੱਛੇ ਰਹਿ ਗਿਆ। ਢਿੱਡ ਵਿੱਚ ਸਿਰਫ਼ ਤੇ ਸਿਰਫ਼ ਦੁੱਧ ਦੀ ਭੁੱਖ ਲਈ ਬਿੱਲੀ ਮਾਸੀ ਨੇ ਹੰਭਲਾ ਮਾਰਿਆ ਤੇ ਘਰ ਦੀ ਚਾਰ ਦੀਵਾਰੀ ਟੱਪ ਅੰਦਰ ਚਲੀ ਗਈ।
ਕਿਸਮਤ ਚੰਗੀ, ਰਸੋਈ ਦੀ ਖਿੜਕੀ ਖੁਲ੍ਹੀ ਸੀ। ਉਹ ਰਵਾਂ-ਰਵੀਂ ਰਸੋਈ ‘ਚ ਵੜ ਗਈ। ਰਸੋਈ ਦੀ ਸ਼ੈਲਫ਼ ‘ਤੇ ਸਟੀਲ ਦਾ ਪਤੀਲਾ ਪਿਆ ਹੋਇਆ ਸੀ। ਭਰੇ ਦੁੱਧ ਵਾਲੇ ਪਤੀਲੇ ‘ਤੇ ਜਾਲੀਦਾਰ ਢੱਕਣ ਰੱਖਿਆ ਹੋਇਆ ਸੀ। ਬਿੱਲੀ ਨੇ ਹੌਲੀ ਜਿਹੇ ਢੱਕਣ ਨੂੰ ਹੇਠਾਂ ਸਰਕਾ ਦਿੱਤਾ।
‘ਟਨਕ… ਟਨਕ… ਫਨਕ… ਫਨਕ… ਜਿਹੀ ਆਵਾਜ਼ ਬਿੱਲੀ ਦੇ ਕੰਨੀ ਪਈ। ਉਸਨੇ ਰਸੋਈ ‘ਚੋਂ ਦੂਰ ਹਾਲ ਕਮਰੇ ਤੱਕ ਨਜ਼ਰ ਦੌੜਾਈ। ਘਰ ਵਿੱਚ ਨਾ ਕੋਈ ਬੰਦਾ ਸੀ … ਨਾ ਕਿਸੇ ਬੰਦੇ ਦੀ ਜਾਤ … ਮਨ ਦਾ ਵਹਿਮ ਜਾਣ ਬਿੱਲੀ ਨੇ ਆਪਣੇ ਪੰਜੇ ਦੀ ਲੱਪ ਬਣਾ ਪਤੀਲੇ ‘ਚ ਪਾ ਦਿੱਤੀ ਤੇ ਮਲਾਈ ਖਾਣ ਲਈ ਆਪਣਾ ਮੂੰਹ ਸੁਆਰਨ ਲੱਗ ਪਈ।
ਪਰ ਇਹ ਕੀ ? … ਸੜਦੀ-ਬਲਦੀ ਮਲਾਈ ਨਾਲ ਬਿੱਲੀ ਦਾ ਪੰਜਾ ਲੂਸਿਆ ਗਿਆ। ਭੁੱਖ ਤਾਂ ਢਿੱਡ ‘ਚ ਪਹਿਲਾਂ ਹੀ ਘੇਰਾਂ ਪਾ ਰਹੀ ਸੀ ਤੇ ਉੱਤੋਂ ਪੰਜੇ ਦੇ ਸਾੜ ਨੇ ਵੱਖਰੀ ਬਿਪਤਾ ਪਾ ਦਿੱਤੀ। ਬੇਚਾਰੀ ਦੁੱਧ ਵਾਲੇ ਸਾੜ ਨਾਲ ਸੀ … ਸੀ … ਹਾਏ… ਹਾਏ… ਕਰਦੀ ਇੱਧਰ, ਉੱਧਰ ਝਾਕਣ ਲੱਗੀ।
‘ਟਨਕ … ਟਨਕ … ਜਿਹੀ ਆਵਾਜ਼ ਫਿਰ ਬਿੱਲੀ ਦੇ ਕੰਨੀਂ ਪਈ। ਉਹ ਸੁਚੇਤ ਹੋ ਪਤੀਲੇ ਨੂੰ ਘੂਰਨ ਲੱਗ ਪਈ। ਪਤੀਲਾ ਹੀ ਸੀ ਜਿਹੜਾ ਬਿੱਲੀ ਦੀ ਮੂਰਖਤਾ ‘ਤੇ ਹੱਸ ਰਿਹਾ ਸੀ।
ਭਰੀ, ਪੀਤੀ ਬਿੱਲੀ ਪਤੀਲੇ ਨੂੰ ਪੁੱਛਣ ਲੱਗੀ, ‘ਕੋਈ ਮੁਸੀਬਤ ਵਿੱਚ ਘਿਰਿਆ ਹੋਏ ਤੇ ਕਿਸੇ ਦਾ ਹੱਸਣਾ ਭਲਾ ਚੰਗੀ ਗੱਲ ਹੁੰਦੀ’ ?
‘ਹੱਸਣ, ਹਸਾਉਣ ਦੀ ਛੱਡ, ਪਹਿਲਾਂ ਨੁੱਕਰੇ ਲੱਗੀ ਤਿੱਪ-ਤਿੱਪ ਚੋਂਦੀ ਟੂਟੀ ਦੇ ਪਾਣੀ ਨਾਲ ਆਪਣੇ ਪੰਜੇ ਦਾ ਸਾੜ ਠੰਡਾ ਕਰ’… ਬਿੱਲੀ ਨੂੰ ਵੇਖਦਾ ਮੁਸਕਰਾਉਂਦਾ ਹੋਇਆ ਪਤੀਲਾ ਬੋਲਿਆ।
ਪਤੀਲੇ ਨੇ ਸਿਆਣੀ ਗੱਲ ਕੀਤੀ। ਉਸਦੀ ਮੰਨ ਬਿੱਲੀ ਮਾਸੀ ਸ਼ੈਲਫ ਦੀ ਨੁੱਕਰ ਵੱਲ ਤੁਰ ਪਈ। ਕੱਪ-ਪਲੇਟਾਂ ਵਾਲੀ ਟੋਕਰੀ ਦੇ ਲਾਗੇ ਸਿੰਕ ਵਿੱਚ ਟੂਟੀ ਲੱਗੀ ਹੋਈ ਸੀ। ਉਸਨੇ ਸੜੂੰ, ਸੜੂੰ ਕਰਦਾ ਆਪਣਾ ਪੰਜਾ ਟੂਟੀ ਵਿੱਚੋਂ ਟਪਕਦੇ ਪਾਣੀ ਹੇਠ ਕਰ ਦਿੱਤਾ। ਪਾਣੀ ਦੀਆਂ ਬੂੰਦਾਂ ਨਾਲ ਪੰਜੇ ਦੀ ਸੜਨ ਕੁਝ ਘਟ ਗਈ। ਹੁਣ ਉਹ ਬਿਟਰ, ਬਿਟਰ ਪਤੀਲੇ ਵੱਲ ਝਾਕਣ ਲੱਗੀ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਕਰੇ ਤਾਂ ਕੀ ਕਰੇ ?…
ਪਤੀਲਾ ਵੀ ਬਿੱਲੀ ਮਾਸੀ ਦੇ ਮਨ ਦੀ ਗੱਲ ਭਾਂਪ ਗਿਆ। ਹੱਸਦਾ ਹੋਇਆ ਕਹਿਣ ਲੱਗਾ, ‘ਬਿੱਲੀ ਮਾਸੀ ! ਜਾ ਸਿੰਕ ਵਿੱਚੋਂ ਸਾਡੇ ਬਬਲੂ ਸਿੱਪਰ ਫੜ ਲਿਆ… ਮੈਂ ਦੱਸਦਾਂ ਤੈਨੂੰ ਦੁੱਧ ਪੀਣ ਦਾ ਅਸਲੀ ਤਰੀਕਾ’ …
ਸਿੱਪਰ ਦਾ ਨਾਂ ਸੁਣਕੇ ਬਿੱਲੀ ਹੱਸਣ ਲੱਗ ਪਈ। ਹੱਸਦੀ ਹੋਈ ਕਹਿਣ ਲੱਗੀ, ‘ਬੁੱਧੂ ਰਾਮ ਜੀ ! ਘਰ-ਘਰ ਦੇ ਫੇਰੇ-ਤੋਰੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਏ … ਬਾਲ, ਬਲੂੰਗੜਿਆਂ ਵਾਲੀ ਮੈਂ ਹੁਣ ਏਡੀ ਨਿਆਣੀ ਵੀ ਨਹੀਂ ਕਿ ਛੋਟੇ ਬੱਚਿਆਂ ਦੇ ਸਿੱਪਰ ਨਾਲ ਦੁੱਧ ਪੀਵਾਂ’ …
‘ਸਿਆਣੀ ਮਾਸੀ ! ਜੇਕਰ ਇਹ ਗੱਲ ਏ ਤਾਂ ਫਿਰ ਦੋ ਕੱਪ ਫੜ ਲਿਆ’ …ਪਤੀਲੇ ਨੇ ਕਿਹਾ।
ਆਗਿਆਕਾਰੀ ਬਿੱਲੀ ਨੂੰ ਪਤੀਲੇ ਦੀ ਸਲਾਹ ਜੱਚ ਗਈ । ਉਸਨੇ ਕੀ ਕੀਤਾ, ਸਿੰਕ ਕੋਲ ਗਈ ਤੇ ਲਾਗਲੀ ਸ਼ੈਲਫ ਤੋਂ ਦੋ ਰੰਗ-ਬਰੰਗੇ ਕੱਪ ਫੜ ਮੁੜ ਪਤੀਲੇ ਕੋਲ ਆਣ ਖਲੋਤੀ। ਸਿਆਣਪ ਵਿਖਾਉਂਦੀ ਨੇ ਫਟਾ-ਫਟ ਕੁੱਝ ਦੱਸਣ-ਪੁੱਛਣ ਤੋਂ ਪਹਿਲਾਂ ਇੱਕ ਕੱਪ ਨਾਲ ਪਤੀਲੇ ‘ਚੋਂ ਦੁੱਧ ਕੱਢਿਆ ਤੇ ਦੂਜੇ ਕੱਪ ‘ਚ ਪਾ ਫੈਂਟਣਾ ਸ਼ੁਰੂ ਕਰ ਦਿੱਤਾ। ਸਿੱਪ… ਸਿੱਪ… ਠੰਢਾ ਦੁੱਧ ਪੀਂਦੀ ਉਹ ਮੁਸਕਰਾਉਂਦੀ ਹੋਈ ਬੋਲੀ, ‘ਰਾਜੇ ! ਮੈਨੂੰ ਏਡੀ ਮੂਰਖ ਵੀ ਨਾ ਸਮਝੀ’ …
ਬਿੱਲੀ ਦੀ ਸੁਣ ਪਤੀਲਾ ਮੁਸਕਰਾ ਪਿਆ, ਪਰ ਬੋਲਿਆ ਕੁਝ ਨਾ। ਬਿੱਲੀ ਨੇ ਪਤੀਲੇ ਦੇ ਇਰਦ-ਗਿਰਦ ਪਈਆਂ ਦੁੱਧ ਦੀਆਂ ਬੂੰਦਾਂ ਚਟਮ ਕੀਤੀਆਂ ਤੇ ਰਸੋਈ ਦੀ ਖੁਲ੍ਹੀ ਹੋਈ ਖਿੜਕੀ ਕੋਲ ਜਾ ਖਲੋਤੀ। ਉਹ ਬਾਹਰ ਕੁੱਦਣ ਹੀ ਲੱਗੀ ਸੀ ਕਿ ਪਤੀਲੇ ਦੇ ਬੋਲ ਮੁੜ ਉਸਦੇ ਕੰਨੀਂ ਪਏ।
ਪਤੀਲਾ ਕਹਿ ਰਿਹਾ ਸੀ, ‘ਕਿਸੇ ਦਾ ਖਾ, ਪੀ ਕੇ ਸਾਨੂੰ ਨਾਸ਼ੁਕਰੇ ਨਹੀਂ ਹੋਣਾ ਚਾਹੀਦਾ … ਸੁਣ ! ਸਿਆਣੀ ਬਣ ਤੇ ਦੀਵਾਰ ‘ਤੇ ਲਟਕਦੀ ਨੋਟ-ਬੁੱਕ ‘ਚ ਘਰ ਦੇ ਮਾਲਕਾਂ ਲਈ ਕੁਝ ਧੰਨਵਾਦੀ ਸ਼ਬਦ ਲਿਖ ਜਾ’ …
ਦੁੱਧ ਪੀ ਕੇ ਰੱਜੀ, ਪੁੱਜੀ ਬਿੱਲੀ ਨੂੰ ਪਤੀਲੇ ਦੀ ਇਹ ਸਲਾਹ ਵੀ ਜੱਚ ਗਈ। ਦੋ ਅੱਖਰ ਝਰੀਟਣ ਵਿੱਚ ਕੋਈ ਹਰਜ਼ ਵੀ ਨਹੀਂ ਸੀ। ਉਹ ਭੌਂਦੇ ਪੈਰੀਂ ਵਾਪਸ ਪਤੀਲੇ ਕੋਲ ਆ ਗਈ। ਪਤੀਲਾ, ਜਿਸ ਦੇ ਪਿੱਛੇ ਦੀਵਾਰ ‘ਤੇ ਛੋਟੀ ਜਿਹੀ ਕਾਪੀ, ਪੈੱਨਸਿਲ ਟੰਗੀ ਹੋਈ ਸੀ ।
ਬੜੀ ਸਿਆਣਪ ਨਾਲ ਪੈੱਨਸਿਲ ਫੜ ਬਿੱਲੀ ਮਾਸੀ ਨੇ ਨੋਟ-ਬੁੱਕ ਵਿੱਚ ਲਿਖਿਆ, ‘ਪਿਆਰੇ ਪਤੀਲਾ ਜੀ ! ਕਿਸੇ ਦੀ ਮੂਰਖਤਾ ‘ਤੇ ਹੱਸਣ ਦੀ ਥਾਂ ਆਪਣੇ ਗਰਮ-ਸਰਦ ਦੁੱਧ ਦੀ ਜਾਣਕਾਰੀ ਵੀ ਸਿਰਹਾਣੇ ਵੱਲ ਟੰਗੀ ਨੋਟ-ਬੁਕ ਵਿੱਚ ਲਿਖ ਦਿਆ ਕਰੋ … ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਭਵਿੱਖ ‘ਚ ਕੋਈ ਬੰਦਾ ਮੇਰੇ ਵਰਗੀ ਗਲਤੀ ਨਹੀਂ ਦੁਹਰਾਏਗਾ’ …
ਬਿੱਲੀ ਮਾਸੀ ਸੁਨੇਹਾ ਲਿਖ ਕੇ ਵਿਹਲੀ ਹੋਈ ਸੀ ਕਿ ਬਾਹਰਲਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ ਉਸਦੇ ਕੰਨੀਂ ਪੈ ਗਈ। ਇਸ ਤੋਂ ਪਹਿਲਾਂ ਕਿ ਉਹ ਘਰ ਦੇ ਮਾਲਕਾਂ ਦੀ ਨਜ਼ਰੇ ਚੜ੍ਹਦੀ, ਫਟਾ-ਫਟ ਉਸਨੇ ਪਤੀਲੇ ਨੂੰ ਬਾਏ ! ਬਾਏ।! ਕੀਤੀ ਤੇ ਰਸੋਈ ਦੀ ਖਿੜਕੀ ‘ਚੋਂ ਬਾਹਰ ਕੁੱਦ ਗਈ।
Mobile: +917009857708